ਸਕੁਇਡ ਗੇਮ ਇੱਕ ਦੱਖਣੀ ਕੋਰੀਅਨ ਡਰਾਮਾ ਟੀਵੀ ਲੜ੍ਹੀ ਹੈ ਜਿਸ ਨੂੰ ਹਵਾਂਗ ਡੋਂਗ-ਹਯੂਕ ਨੇ ਨੈੱਟਫਲਿਕਸ ਲਈ ਬਣਾਇਆ ਹੈ। ਇਸ ਲੜ੍ਹੀ ਵਿੱਚ 456 ਖਿਡਾਰੀ ਹੁੰਦੇ ਹਨ, ਜਿਹਨਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿੱਚੋਂ ਚੁੱਕਿਆ ਗਿਆ ਹੁੰਦਾ ਹੈ ਪਰ ਉਨ੍ਹਾਂ ਵਿੱਚ ਹਰ ਇੱਕ ਬਹੁਤ ਜ਼ਿਆਦਾ ਕਰਜ਼ੇ ਥੱਲੇ ਦੱਬਿਆ ਹੋਇਆ ਹੁੰਦਾ ਹੈ। ਖਿਡਾਰੀ ਇਸ ਲੜ੍ਹੀ ਵਿੱਚ ਕਈ ਤਰ੍ਹਾਂ ਦੀਆਂ ਨਿਆਣਿਆਂ ਵਾਲੀਆਂ ਵੱਖ-ਵੱਖ ਖੇਡਾਂ ਖੇਡਦੇ ਹਨ ਤਾਂ ਕਿ ਉਹ 45.6 ਬਿਲੀਅਨ ਵੌਨ ਦਾ ਇਨਾਮ ਜਿੱਤ ਸਕਣ, ਪਰ ਜੇ ਕੋਈ ਹਾਰ ਜਾਵੇ ਤਾਂ ਉਸਦਾ ਨਤੀਜਾ ਮੌਤ ਹੁੰਦਾ ਹੈ। ਲੜ੍ਹੀ ਦਾ ਨਾਮ ਇੱਕ ਇਸ ਹੀ ਨਾਮ ਦੀ ਨਿਆਣਿਆਂ ਵਾਲੀ ਕੋਰੀਅਨ ਖੇਡ 'ਤੇ ਰੱਖਿਆ ਗਿਆ ਹੈ। ਲੜ੍ਹੀ ਵਿੱਚ ਲੀ ਜੰਗ-ਜਾਏ, ਪਾਰਕ ਹਾਏ-ਸੂ, ਵੀ ਹਾ-ਜੂੰ, ਜੰਗ ਹੋ-ਯਿਓਂ, ਓ ਯਿਔਂਗ-ਸੂ, ਹਿਓ ਸੰਗ-ਤਾਏ, ਅਨੁਪਮ ਤ੍ਰਿਪਾਠੀ, ਅਤੇ ਕਿਮ ਜੂ-ਰਯੋਂਗ।
ਸਕੁਇਡ ਗੇਮ 17 ਸਤੰਬਰ, 2021 ਨੂੰ ਨੈੱਟਫਲਿਕਸ ਤੇ ਜਾਰੀ ਹੋਇਆ ਅਤੇ ਇਸ ਨੂੰ ਬਥੇਰੇ ਲੋਕਾਂ ਨੇ ਕੌਮਾਂਤਰੀ ਪੱਧਰ ਤੱਕ ਪਸੰਦ ਕੀਤਾ। ਜਾਰੀ ਹੋਣ ਦੇ ਪਹਿਲੇ ਚਾਰ ਹਫ਼ਤਿਆਂ ਵਿੱਚ ਇਸ ਲੜ੍ਹੀ ਨੇ 142 ਮਿਲੀਅਨ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ ਅਤੇ ਇਹ ਲੜ੍ਹੀ ਨੈੱਟਫਲਿਕਸ ਦੀ ਅੱਜ ਤਾਈਂ ਦੀ ਸਭ ਤੋਂ ਵੱਧ ਵੇਖੀ ਜਾਣ ਵਾਲੀ ਲੜ੍ਹੀ ਹੈ।