ਇਕ ਚੰਗਾ ਪਾਠਕ ਹੋਣ ਦੇ ਨਾਤੇ ਦੂਜੇ ਨਾਵਲਾਂ ਦਾ ਪ੍ਰਭਾਵ ਕਬੂਲਣਾ ਸਭਾਵਿਕ ਹੈ ਪਰ ਉਹਨਾਂ ਦੀ ਆਪਣੀ ਨਿੱਜੀ ਕਾਰਜਸ਼ਾਲੀ ਹੈ, ਕਹਿਣ ਦਾ ਢੰਗ ਹੈ ਅਤੇ ਸ਼ਬਦਾਵਲੀ ਹੈ ਜਿਹੜੀ ਘਟਨਾ ਮੁਤਾਬਕ ਢੁਕਵੀਂ ਵੀ ਹੈ। ਲੇਖਕ ਨੇ ਸਿਮਰ ਨਾਂ ਦੀ ਲੜਕੀ ਦੀ ਕਹਾਣੀ ਲਈ ਹੈ ਜੋ ਸੁੰਦਰ ਹੈ ਅਤੇ ਕਾਲਜ ’ਚ ਨਾਟਕਾਂ ’ਚ ਭਾਗ ਲੈਂਦੀ ਹੈ। ਉਸਦੇ ਦਿਲ ਵਿਚ ਬਿਠਾ ਦਿੱਤਾ ਜਾਂਦਾ ਹੈ ਕਿ ਉਹ ਵਧੀਆ ਐਕਟਰਸ ਬਣ ਸਕਦੀ ਹੈ। ਇਕ ਦਿਨ ਕਿਸੇ ਦੇ ਝਾਂਸੇ ’ਚ ਆ ਕੇ ਉਹ ਘਰਦਿਆਂ ਤੋਂ ਬਾਹਰੀ ਔਕੜਾਂ, ਦੁਸ਼ਵਾਰੀਆਂ ਅਤੇ ਧੋਖੇਧੜੀਆਂ ਨਾਲ ਲੜਦੀ ਕੋਠੇ ’ਤੇ ਪਹੁੰਚ ਜਾਂਦੀ ਹੈ। ਲੇਖਕ ਨੇ ਵੇਸਵਾਵਾਂ ਦੀ ਜਿੰਦਗੀ ਨੂੰ ਬੜੀ ਬੇਖੂਬੀ ਨਾਲ ਚਿਤਰਿਆ ਹੈ। ਕੋਈ ਵੀ ਲੜਕੀ ਜਾਂ ਔਰਤ ਇਸ ਅੰਧਿਆਰੇ ਰਾਹ ’ਤੇ ਤੁਰਨਾ ਨਹੀਂ ਚਾਹੁੰਦੀ। ਲੇਖਕ ਇਹ ਦਰਸਾਉਣ ਵਿਚ ਕਾਮਯਾਬ ਰਿਹਾ ਹੈ ਕਿ ਕਿਸ ਤਰ੍ਹਾਂ ਵੱਖ ਵੱਖ ਤਰ੍ਹਾਂ ਦੀਆਂ ਮਜਬੂਰੀਆਂ ਉਹਨਾਂ ਨੂੰ ਨਰਕ ਦੀ ਜਿੰਦਗੀ ਜਿਉਣ ਵਾਸਤੇ ਮਜਬੂਰ ਕਰਦੀਆਂ ਹਨ। ਭਾਵੇਂ ਇਸ ਵਿਸ਼ੇ ’ਤੇ ਕਈ ਨਾਵਲ ਅਤੇ ਕਹਾਣੀਆਂ ਲਿਖੀਆਂ ਜਾ ਚੱੁਕੀਆਂ ਹਨ ਪਰ ਲੇਖਕ ਆਪਣੇ ਢੰਗ ਨਾਲ ਇਸ ਵਿਸ਼ੇ ਨੂੰ ਨਿਭਾਉਣ ’ਚ ਪੂਰਾ ਕਾਮਯਾਬ ਰਿਹਾ ਹੈ। ਮੱੁਖ ਵਿਸ਼ੇ ਦੇ ਨਾਲ ਨਾਲ ਲੇਖਕ ਨਸ਼ਿਆਂ ਦੇ ਵਿਸ਼ੇ ਨੂੰ ਵੀ ਲੈ ਕੇ ਤੁਰਦਾ ਹੈ। ਦਸਦਾ ਹੈ ਕਿ ਨਸ਼ੇੜੀਆਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਕਿਵੇਂ ਪਤਲੀ ਪੈ ਜਾਂਦੀ ਹੈ। ਨਸ਼ੇੜੀਆਂ ਦੀਆਂ ਔਰਤਾਂ ਨੂੰ ਆਪਣੇ ਬੱਚਿਆਂ ਦੇ ਮੂੰਹ ਵਿਚ ਗਰਾਹੀ ਪਾਉਣ ਲਈ ਮਜਬੂਰੀ ਵੱਸ ਰੋਜਗਾਰ ਵਾਸਤੇ ਘਰੋਂ ਨਿਕਲਣਾ ਪੈਂਦਾ ਹੈ ਅਤੇ ਕਈ ਵਾਰ ਉਹ ਕਿਸੇ ਦੇ ਧੱਕੇ ਦਾ ਸ਼ਿਕਾਰ ਵੀ ਹੋ ਜਾਂਦੀਆਂ ਹਨ। ਕਈ ਧੱਕੇ ਦੋਵੇਂ ਸਹਿੰਦੀਆਂ ਸਹਿੰਦੀਆਂ ਕੋਠਿਆਂ ਦਾ ਸ਼ਿੰਗਾਰ ਵੀ ਬਣ ਜਾਂਦੀਆਂ ਹਨ। ਨਸ਼ੇੜੀਆਂ ਨੂੰ ਤਾਂ ਸਿਰਫ ਆਪਣੇ ਨਸ਼ੇ ਤੱਕ ਹੀ ਸਰੋਕਾਰ ਹੁੰਦਾ ਹੈ। ਉਹ ਆਪਣੇ ਨਸ਼ੇ ਦੀ ਪੂਰਤੀ ਖਾਤਰ ਖੋਹ ਖਿਚਾਂ ਕਰਦੇ ਹਨ, ਚੋਰੀਆਂ ਠੱਗੀਆਂ ਕਰਦੇ ਹਨ। ਨਾ ਕਿਤੇ ਹੱਥ ਅੜੇ ਤਾਂ ਘਰ ਦਾ ਸਮਾਨ ਵੀ ਵੇਚਣ ਤੱਕ ਜਾਂਦੇ ਹਨ। ਕਈਆਂ ਨਸ਼ੇੜੀਆਂ ਦੀ ਮਾਨਸਿਕਤਾ ਤਾਂ ਇਥੋਂ ਤੱਕ ਡਿੱਗ ਜਾਂਦੀ ਹੈ ਕਿ ਘਰ ਦੀ ਇੱਜ਼ਤ ਲੀਰੋ ਲੀਰ ਕਰਨ ’ਚ ਗੁਰੇਜ਼ ਨਹੀਂ ਕਰਦੇ। ਇਸ ਤੋਂ ਇਲਾਵਾ ਡਾਕਟਰੀ ਕਿੱਤੇ ਵਿਚ ਆਈ ਗਿਰਾਵਟ, ਯੂਨੀਵਰਸਟੀਆਂ ’ਚ ਰਾਜਨੀਤੀ ਦੀ ਦਖਲ ਅੰਦਾਜੀ, ਰਿਸ਼ਵਤ ਵਿਿਸ਼ਆਂ ਆਦਿ ਨੂੰ ਵੀ ਛੋਹਿਆ ਗਿਆ ਹੈ। ਛੋਟੇ ਜਿਹੇ ਨਾਵਲ ’ਚ ਲੇਖਕ ਨੇ ਬਹੁਤ ਸਾਰੀਆਂ ਘਟਨਾਵਾਂ ਲਈਆਂ ਹਨ। ਪਰ ਇਨ੍ਹਾਂ ਘਟਨਾਵਾਂ ਨੂੰ ਜੁਲਾਹੇ ਦੇ ਤਾਣੇ ਬਾਣੇ ਵਾਂਗ ਇਸ ਤਰ੍ਹਾਂ ਪਰੋਇਆ ਹੈ ਕਿ ਇਕਮੁੱਠਤਾ ਦਾ ਪ੍ਰਭਾਵ ਪੈਂਦਾ ਹੈ ਤੇ ਪਾਠਕ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਕ ਲੈਅ ਵਿਚ, ਇਕ ਰਿਵਾਨਗੀ ਵਿੱਚ ਵਹਿੰਦਾ ਅਨੰਦ ਮਾਣਦਾ ਤੁਰਿਆ ਜਾਂਦਾ ਹੈ ਤੇ ਅੰਤ ਤੱਕ ਨਾ ਅੱਕਦਾ ਹੈ ਅਤੇ ਨਾ ਥੱਕਦਾ ਹੈ। ਨਾ ਹੀ ਨਿਰਾਸ਼ ਹੰੁਦਾ ਹੈ। ਨਾਵਲ ਦੀ ਪਾਤਰ ਉਸਾਰੀ ਬੜੀ ਯਥਾਰਤਨਾਵਲ ਦੇ ਪਾਤਰ ਸਮਾਜ ਵਿਚ ਵਿਚਰਦੇ ਆਮ ਮਿਲਦੇ ਹਨ। ਪਾਤਰਾਂ ਦਾ ਵਾਰਤਾਲਾਪ ਵੀ ਬੜਾ ਯਥਾਰਤਕ ਹੈ। ਪੰਜਾਬੀ ਬੋਲਣ ਵਾਲਾ ਪਾਤਰ ਜਦ ਹਿੰਦੀ ਭਾਸ਼ਾ ਵਿਚ ਗੱਲ ਬਾਤ ਕਰਦਾ ਹੈ ਤਾਂ ਉਸ ਵਿਚ ਪੰਜਾਬੀ ਦਾ ਰਲੇਵਾਂ ਹੁੰਦਾ ਹੈ ਜੋ ਕਿ ਬਹੁਤ ਹੀ ਸੁਭਾਵਕ ਹੈ ਅਤੇ ਅਸਲੀਅਤ ਦੇ ਨੇੜੇ ਹੈ। ਬੋਲੀ ਬੜੀ ਢੁੱਕਵੀਂ ਅਤੇ ਪਾਤਰ ਦੇ ਅਨੁਸਾਰ ਵਰਤੀ ਗਈ ਹੈ। ਜਦੋਂ ਸਿਮਰ ਆਖਦੀ ਹੈ:-
“ਨੀ ਭੈਣੇ ਕਾਹਦੀਆਂ ਰਲੇਟਿਵਸ਼ਿਪਾਂ, ਮੈਨੂੰ ਤਾਂ ਸਾਰੀਆਂ ਰਿਸ਼ਤੇਦਾਰੀਆਂ ਤਿਆਗ ਕੇ ਆਉਣਾ ਪਿਆ। ਪਤਾ ਨਹੀਂ ਕੀ ਹੋਇਆ ਸਮਾਜ ਨੂੰ। ਬੱਸ ਕੁੜੀਆਂ ਨੂੰ ਤਾਂ ਸੰਗਲ ਲਾ ਕੇ ਰੱਖਣਾ ਚਾਹੁੰਦੇ ਹਨ।” ਬੋਲੀ ਤੋਂ ਪਤਾ ਲੱਗਦਾ ਹੈ ਕਿ ਕੁੜੀ ਪੜ੍ਹੀ ਲਿਖੀ ਹੈ ਪਰ ਪੇਂਡੂ ਹੈ। ਢੁੱਕਵੇਂ ਮੁਹਾਵਰੇ ਬੋਲੀ ਨੂੰ ਹੋਰ ਸੁੰਦਰ ਅਤੇ ਰੌਚਕ ਬਣਾਉਂਦੇ ਹਨ। ਜਿਵੇਂ ਖੂਹ ਪੱਟਕੇ ਪਾਣੀ ਪੀਣਾ, ਗਰੀਬ ਦੀ ਕੰਨ੍ਹੀਂ ’ਤੇ ਚਰਦੀ ਹੈ। ਊਠ ਅੜਾਂਦੇ ਲੱਦੀ ਦੇ ਹਨ। ਤੇਲ ਵੇਖੋ ਤੇਲ ਦੀ ਧਾਰ ਵੇਖੋ ਆਦਿ। ਕਿਤੇ ਕਿਤੇ ਲੇਖਕ ਦੀ ਉਲਾਰੂ ਭਾਵਨਾ ਵੀ ਨਜ਼ਰ ਆਉਂਦੀ ਹੈ। ਇਕ ਥਾਂ ਲੇਖਕ ਔਰਤ ਪਾਤਰ ਦੇ ਮੂੰਹੋਂ ਅਖਵਾਉਂਦਾ ਹੈ ‘ਸੱਚ ਆਖਨੀ ਪਈ ਆਂ। ਜੇ ਸਰਦਾਰ ਧਰਤੀ ਪਰ ਨਾ ਹੋਂਵਦੇ ਤੇ ਇਛਾਈ ਕਬ ਕੀ ਜਿਮੀਂਦੋਜ਼ ਹੋ ਜਾਂਵਦੀ। ਮੁੜ ਬਾਕੀ ਤੇ ਚੋਗਾ ਪਾਕੇ ਸ਼ਿਕਾਰ ਫਸਾਵਣ ਵਾਲੇ ਲੋਕ ਈ ਐ।’
ਇਸ ਵਿਚ ਦੋ ਰਾਵਾਂ ਨਹੀਂ ਕਿ ਸਿੱਖ ਇਕ ਮਾਰਸ਼ਲ ਕੌਮ ਹੈ। ਜਿੰਨੀਆਂ ਕੁਰਬਾਨੀਆਂ ਇਸ ਕੌਮ ਨੇ ਦਿੱਤੀਆਂ, ਸ਼ਾਇਦ ਹੀ ਕਿਸੇ ਹੋਰ ਕੌਮ ਨੇ ਦਿੱਤੀਆਂ ਹੋਣ। ਮੈਂ ਸਿੱਖ ਕੌਮ ਦੇ ਸਿਰੜ, ਸਿਦਕ, ਧਰਮ ਅਤੇ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਪ੍ਰਤੀ ਨਤਮਸਤਕ ਹਾਂ। ਪਰ ਇਹ ਕਹਿਣਾ ਕਿ ਜੇ ਸਰਦਾਰ ਧਰਤੀ ਤੇ ਨਾ ਹੁੰਦੇ ਤਾਂ ਅੱਛਾਈ ਕਦੋਂ ਦੀ ਜਿਮੀਦੋਜ਼ ਹੋ ਜਾਂਦੀ, ਅਤਿਕਥਨੀ ਹੈ। ਅੱਛਾਈ ਅਤੇ ਬੁਰਾਈ ਸਿੱਖ ਕੌਮ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਸੀ ਅਤੇ ਅੱਜ ਵੀ ਹੈ। ‘ਸਰਦਾਰ ਹਰ ਜਗ੍ਹਾ ਹੀਰੇ ਹਨ, ਮੁੜ ਬਾਕੀ ਤੇ ਚੋਗਾ ਪਾ ਕੇ ਸ਼ਿਕਾਰ ਫਸਾਉਣ ਵਾਲੇ ਹਨ।’ ਇਹ ਗੱਲ ਵੀ ਸੰਘੋਂ ਥੱਲੇ ਨਹੀਂ ਉਤਰਦੀ। ਕਿਉਂਕਿ ਹਰ ਕੰਮ ’ਚ ਕੁੱਝ ਚੰਗੇ ਅਤੇ ਕੁੱਝ ਮਾੜੇ ਲੋਕ ਮਿਲ ਹੀ ਜਾਂਦੇ ਹਨ। ਲੇਖਕ ਹਰ ਘਟਨਾ ਨੂੰ ਆਪਣੇ ਛੋਟੇ ਜਿਹੇ ਨਾਵਲ ’ਚ ਗੁੰਦਕੇ ਆਪਣੀ ਪਰਪੱਕਤਾ ਦਾ ਸਬੂਤ ਦਿੰਦਾ ਹੈ। ਬੇਸ਼ੱਕ ਘਟਨਾਵਾਂ ਸੰਖੇਪਤ ਰੱਖੀਆਂ ਹਨ। ਲੇਖਕ ਵਿਸਥਾਰ ਵਿਚ ਨਹੀਂ ਗਿਆ ਪਰ ਇਹ ਗੱਲ ਚੁੱਭਦੀ ਨਹੀਂ। ਹੋ ਸਕਦਾ ਹੈ ਨਾਵਲ ਸੰਖੇਪ ਰੱਖਣਾ ਲੇਖਕ ਦੀ ਮਜਬੂਰੀ ਹੋਵੇ। ਕਿਉਂਕਿ ਅੱਜ ਕੱਲ੍ਹ ਬਾਹੁਤੇ ਪ੍ਰਕਾਸ਼ਕ ਕਿਤਾਬ ਦਾ ਖਰੜਾ ਤਾਂ ਪੜ੍ਹਦੇ ਹੀ ਨਹੀਂ। ਚੰਗੀ ਮਾੜੀ ਦੀ ਨਿਰਖ ਪਰਖ ਤਾਂ ਕਰਦੇ ਹੀ ਨਹੀਂ। ਪੈਸੇ ਲੈ ਕੇ ਧੜਾਧੜ ਕਿਤਾਬਾਂ ਛਾਪੀ ਜਾਂਦੇ ਹਨ। ਪਿਛਲੇ ਚਾਰ ਪੰਜ ਦਹਾਕਿਆਂ ’ਚ ਛਪਣ ਵਾਲੀਆਂ ਕਿਤਾਬਾਂ ਦਾ ਇਕ ਤਰ੍ਹਾਂ ਹੜ੍ਹ ਜਿਹਾ ਆਗਿਆ ਹੈ। ਇਸ ਦੇ ਵਿਪਰੀਤ ਪਾਠਕ ਵਰਗ ਬਹੁਤ ਸੀਮਿਤ ਹੋ ਗਿਆ ਹੈ। ਪ੍ਰਕਾਸ਼ਕ ਕਿਤਾਬ ਦੇ ਕੁੱਲ ਸਫਿਆਂ ਮੁਤਾਬਕ ਪੈਸੇ ਮੰਗਦੇ ਹਨ। ਹੋ ਸਕਦਾ ਹੈ ਲੇਖਕ ਨੇ ਆਰਥਿਕ ਪੱਖ ਨੂੰ ਸਾਹਮਣੇ ਰੱਖਕੇ ਨਾਵਲ ਸੰਖੇਪ ਰੱਖਿਆ ਹੋਵੇ। ਫਿਲਮਾਂ ਦੀ ਚਕਾਚੌਂਧ ਵੇਖ ਕੇ ਫਿਲਮੀ ਸਟਾਰ ਬਣਨ ਲਈ ਬਿਨ੍ਹਾਂ ਕਿਸੇ ਗੌਡਫਾਦਰ ਤੋਂ ਘਰੋਂ ਨਿਕਲਨਾ ਅੰਧੇਰੀ ਰਾਤ ਵਿਚ ਕੰਡਿਆਲੇ ਤੇ ਉਖੜੇ ਪੈਂਡੇ ਤੇ ਚੱਲਣ ਵਾਲੀ ਗ ੱਲ ਹੈ। ਸ਼ਾਇਦ ਇਕ ਅੱਧ ਪ੍ਰਤੀਸ਼ਤ ਲੋਕ ਹੀ ਇਸ ਹਨ੍ਹੇਰੇ ਸਫ਼ਰ ਨੂੰ ਪਾਰ ਕਰਕੇ ਮੰਜ਼ਿਲ ’ਤੇ ਪਹੁੰਚਦੇ ਹਨ। ਬਾਕੀ ਤਾਂ ਸਾਰੀ ਉਮਰ ਹਨੇ੍ਹਰਾ ਹੀ ਢੋਂਹਦੇ ਮਰ ਜਾਂਦੇ ਹਨ। ਇਸ ਲਈ ਨਾਵਲ ਦਾ ਨਾਮ ਬਹੁਤ ਹੀ ਢੱੁਕਵਾਂ ਹੈ। ਮੈਂ ਇਕ ਸੁਚੱਜਾ ਨਾਵਲ ਲਿਖਣ ’ਤੇ ਗੁਰਦੇਵ ਸਿੰਘ ਘਾਰੂ ਜੀ ਨੂੰ ਮੁਬਾਰਕਬਾਦ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਭਵਿੱਖ ਵਿਚ ਹੋਰ ਚੰਗੇਰੇ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾਉਣਗੇ।
- ਪ੍ਰਿੰਸੀਪਲ ਸ਼ਾਮ ਸੁੰਦਰ ਕਾਲੜਾ
ਸਰਪ੍ਰਸਤ ਮਾਤਾ ਵਿਿਦਆ ਦੇਵੀ ਲਿਖਾਰੀ ਸਭਾ
ਫਰੀਦਕੋਟ।
ਫੋਨ 9463350706 ਹੈ।
1. ਯਾਰੀ ਰਖ ਪੜਦੇ ਦੀ (ਗੀਤ)
2. ਮੇਲੇ ਮਿੱਤਰਾਂ ਦੇ (ਨਾਵਲ)
3. ਭਟਕਦੀਆਂ ਰੂਹਾਂ। (ਨਾਵਲ)
4. ਵਾਪਸੀ (ਕਹਾਣੀ ਸੰਗ੍ਰਹਿ)
5. ਤੇਰੀ ਉਡੀਕ ਰਹੇਗੀ (ਕਹਾਣੀ ਸੰਗ੍ਰਹਿ)
6. ਗ ੱਲ ਉੱਡ ਗਈ (ਗੀਤ ਸੰਗ੍ਰਹਿ)